Latest Update

80 ਲੱਖ ਹੋਏ ਬਰਬਾਦ, ਦੁਬਾਰਾ ਪਾਈਪਾਂ ਪਾਉਣ ਲਈ 64 ਲੱਖ ਦਾ ਲਗਾਇਆ ਟੈਂਡਰ

80 ਲੱਖ ਹੋਏ ਬਰਬਾਦ, ਦੁਬਾਰਾ ਪਾਈਪਾਂ ਪਾਉਣ ਲਈ 64 ਲੱਖ ਦਾ ਲਗਾਇਆ ਟੈਂਡਰ
local news

80 ਲੱਖ ਹੋਏ ਬਰਬਾਦ, ਦੁਬਾਰਾ ਪਾਈਪਾਂ ਪਾਉਣ ਲਈ 64 ਲੱਖ ਦਾ ਲਗਾਇਆ ਟੈਂਡਰ

ਸਤਵਿੰਦਰ ਸ਼ਰਮਾ, ਲੁਧਿਆਣਾ : ਸਨਅਤੀ ਸ਼ਹਿਰ ਦੀਆਂ ਸਰਕਾਰੀ ਜ਼ਮੀਨਾਂ ਨੂੰ ਕਬਜਾ ਮੁਕਤ ਕਰਵਾਉਣ ਤੇ ਇਨ੍ਹਾਂ ਜ਼ਮੀਨਾਂ ਤੇ ਕਬਜਾ ਕਰ ਝੁੱਗੀਆਂ ਬਣਾਕੇ ਰਹਿੰਦੇ ਗਰੀਬ ਲੋਕਾਂ ਨੂੰ ਪੱਕੀ ਛੱਤ ਦੇਣ ਲਈ ਨਗਰ ਨਿਗਮ ਵੱਲੋਂ ਕੇਂਦਰ ਦੀ ਯੂਪੀਏ ਸਰਕਾਰ ਦੀ ਸਕੀਮ ਅਧੀਨ ਗਿਆਸਪੁਰਾ ਇਲਾਕੇ ‘ਚ ਬਣਾਏ ਫਲੈਟਾਂ ‘ਚ ਜਿੱਥੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਆਪੋਧਾਪ ‘ਚ ਗਰੀਬਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ ਉਥੇ ਹੀ ਇਸ ਦਾ ਅਸਰ ਕੁਝ ਸਾਲਾਂ ਬਾਅਦ ਹੀ ਨਗਰ ਨਿਗਮ ਦੇ ਖਜ਼ਾਨੇ ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ।

ਦੱਸਣਯੋਗ ਹੈ ਕਿ ਨਗਰ ਨਿਗਮ ਦੀ ਬੀਐਂਡਆਰ ਸਾਖਾ ਦੇ ਅਧਿਕਾਰੀਆਂ ਵੱਲੋਂ ਸਾਲ 2011-12 ‘ਚ ਗਿਆਸਪੁਰਾ ਵਿਖੇ ਬਣੇ ਫਲੈਟਾਂ ‘ਚ ਲੋਕਾਂ ਨੂੰ ਕਬਜਾ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਸਹੂਲਤ ਦੇਣ ਦੇ ਨਾਮ ਤੇ 80 ਲੱਖ ਰੁਪਏ ਦੀ ਲਾਗਤ ਦੇ ਨਾਲ ਪਾਣੀ ਤੇ ਸੀਵਰੇਜ਼ ਦੀਆਂ ਪਾਈਪਾਂ ਪਾਈਆਂ ਗਈਆਂ ਸੀ ਜਦਕਿ ਉਸ ਸਮੇਂ ਅਧਿਕਾਰੀਆਂ ਵੱਲੋਂ ਫਲੈਟਾਂ ‘ਚ ਬਣਾਈ ਜਾਣ ਵੱਡੀ ਵਾਲੀ ਟੈਂਕੀ ਦਾ ਕੰਮ ‘ਚ ਛੱਡ ਦਿੱਤਾ ਸੀ, ਜਿਸ ਨੂੰ ਬਾਅਦ ‘ਚ ਪਿਛਲੇ ਸਾਲ ਨਗਰ ਨਿਗਮ ਦੇ ਓਐਂਡਐੱਮ ਸੈੱਲ ਵੱਲੋਂ 67 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਗਿਆ। ਪਰ ਇਹ ਪੈਸੇ ਖ਼ਰਚਣ ਦੇ ਬਾਵਜੂਦ ਫਲੈਟ ਵਾਸੀਆਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਇਆ ਤੇ ਫਲੈਟਾਂ ‘ਚ ਰਹਿੰਦੇ ਗਰੀਬ ਲੋਕ ਅਜੇ ਵੀ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ, ਜਿਸ ਤੋਂ ਬਾਅਦ ਹੁਣ ਨਗਰ ਨਿਗਮ ਨੇ ਗਿਆਸਪੁਰਾ ਦੇ ਫਲੈਟਾਂ ‘ਚ ਪਾਣੀ ਦੀਆਂ ਨਵੀਆਂ ਪਾਈਪਾਂ ਪਾਉਣ ਦਾ ਨਵਾਂ ਟੈਂਡਰ ਕਰਵਾਇਆ ਹੈ, ਜਿਸ ਤਹਿਤ 64 ਲੱਖ ਰੁਪਏ ਦੀ ਲਾਗਤ ਨਾਲ ਇਨ੍ਹਾਂ ਫਲੈਟਾਂ ‘ਚ ਪਾਣੀ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ ਤਾਂ ਕਿ ਲੋਕਾਂ ਨੂੰ ਅਸਾਨੀ ਨਾਲ ਪਾਣੀ ਮਿਲ ਸਕੇ।

ਪਿਛਲੀ ਯੂਪੀਏ 2 ਸਰਕਾਰ ਦੇ ਸਮੇਂ ਇਸ ਇਲਾਕੇ ‘ਚ ਝੁੱਗੀ ਝੋਪੜੀਆਂ ਵਾਲਿਆਂ ਲਈ ਇਕ ਕਮਰਾ ਫਲੈਟ ਬਣਾਏ ਗਏ ਸਨ। ਗਿਆਸਪੁਰਾ ‘ਚ ਲਗਪਗ 2 ਹਜ਼ਾਰ ਫਲੈਟਾਂ ਦਾ ਨਿਰਮਾਣ ਕੀਤਾ ਗਿਆ ਸੀ। ਇਨ੍ਹਾਂ ਫਲੈਟਾਂ ‘ਚ ਇਸੇ ਪ੍ਰਾਜੈਕਟ ਤਹਿਤ ਗਰੀਬਾਂ ਨੂੰ ਪੂਰਾ ਤਿਆਰ ਫਲੈਟ ਕਰਕੇ ਦੇਣਾ ਸੀ, ਜਿਸ ਦੇ ਤਹਿਤ ਨਗਰ ਨਿਗਮ ਨੇ ਫਲੈਟਾਂ ‘ਚ 80 ਲੱਖ ਰੁਪਏ ਦਾ ਲਾਗਤ ਦੇ ਨਾਲ ਸੀਮੇਂਟ ਵਾਲੀਆਂ ਪਾਣੀ ਤੇ ਸੀਵਰੇਜ਼ ਪਾਈਪਾਂ ਪਾਈਆਂ ਸੀ। ਇਹ ਕੰਮ ਬੀਐਂਡਆਰ ਬਰਾਂਚ ਦੇ ਮੁਲਾਜ਼ਮਾਂ ਨੇ ਕੀਤਾ। ਪਰ ਬਿਨ੍ਹਾਂ ਪਲਾਨਿੰਗ ਤੋਂ ਇਹ ਕੰਮ ਹੋਇਆ ਹੋਣ ਕਾਰਨ ਕੁਝ ਸਾਲਾਂ ਬਾਅਦ ਹੀ ਇਸ ਕੰਮ ਦਾ ਭੱਠਾ ਬੈਠ ਗਿਆ ਹੈ। ਫਲੈਟਾਂ ‘ਚ ਜਦੋਂ ਪੂਰੇ ਲੋਕ ਪਹੁੰਚ ਗਏ ਤਾਂ ਉਥੇ ਪਾਣੀ ਨਹੀਂ ਪਹੁੰਚ ਰਿਹਾ ਹੈ। ਲੋਕਾਂ ਨੇ ਪਾਣੀ ਲਈ ਮੋਟਰਾਂ ਲਗਾਈਆਂ ਪਰ ਉਹ ਬੇਕਾਰ ਸਾਬਤ ਹੋ ਰਹੀਆਂ ਹਨ। ਹੁਣ ਲੋਕਾਂ ਨੂੰ ਪਾਣੀ ਦੇਣ ਲਈ ਨਿਗਮ ਵੱਲੋਂ ਦੁਬਾਰਾ 64 ਲੱਖ ਰੁਪਏ ਖ਼ਰਚੇ ਜਾ ਰਹੇ ਹਨ। ਪਹਿਲਾਂ ਇਥੇ ਸੀਮੇਂਟ ਵਾਲੀਆਂ ਪਾਣੀ ਦੀਆਂ ਪਾਈਪਾਂ ਪਾਈਆਂ ਗਈਆਂ ਸਨ, ਹੁਣ ਨਗਰ ਨਿਗਮ ਨੇ ਲੋਹੇ ਦੀਆਂ ਪਾਈਪਾਂ ਪਾਉਣ ਦਾ ਟੈਂਡਰ ਤਿਆਰ ਕੀਤਾ ਹੈ।

—- ਬਾਕਸ—-

– ਸੜਕਾਂ ‘ਤੇ ਲੱਗਾ ਪੈਸਾ ਵੀ ਹੋਇਆ ਬਰਬਾਦ

ਨਗਰ ਨਿਗਮ ਦੀਆਂ ਦੋ ਬਰਾਂਚਾਂ ‘ਚ ਆਪਸੀ ਤਾਲਮੇਲ ਦੀ ਘਾਟ ਕਾਰਨ ਲੋਕਾਂ ਤੋਂ ਟੈਕਸਾਂ ਦੇ ਰੂਪ ‘ਚ ਆਇਆ ਪੈਸਾ ਬਰਬਾਦ ਹੋ ਰਿਹਾ ਹੈ। ਇਕ ਪਾਸੇ ਜਿੱਥੇ 80 ਲੱਖ ਵਾਲੇ ਕੰਮ ਤੇ ਮੁੜ ਤੋਂ ਪਾਣੀ ਦੀਆਂ ਪਾਈਪਾਂ ਪਾਉਣ ਲਈ ਦਬਾਰਾ 64 ਲੱਖ ਰੁਪਏ ਖਰਚੇ ਜਾ ਰਹੇ ਹਨ, ਉਥੇ ਬਿਨਾਂ ਪਲਾਨਿੰਗ ਤੇ ਪਾਈਆਂ ਲਾਈਨਾਂ ਫਲੈਟਾਂ ‘ਚ ਬਣੀਆਂ ਸਾਰੀਆਂ ਸੜਕਾਂ ਵੀ ਖਾ ਗਈਆਂ। ਕਿਉਂਕਿ ਪਹਿਲਾਂ ਪਾਣੀ ਸੀਵਰੇਜ ਦੀਆਂ ਲਾਈਨਾਂ ਪਾਉਣ ਤੋਂ ਬਾਅਦ ਨਗਰ ਨਿਗਮ ਵੱਲੋਂ ਫਲੈਟਾਂ ‘ਚ ਸੜਕਾਂ ਬਨਾਉਣ ਤੇ ਵੀ ਲੱਖਾਂ ਰੁਪਏ ਖਰਚੇ ਗਏ ਸਨ ਤੇ ਹੁਣ ਫਿਰ ਤੋਂ ਪਾਣੀ ਦੀਆਂ ਲਾਈਨਾਂ ਪਾਉਣ ਨਾਲ ਸਾਰੀਆਂ ਸੜਕਾਂ ਬਰਬਾਦ ਹੋ ਗਈਆਂ ਹਨ, ਜਿਨ੍ਹਾਂ ਨੂੰ ਬਨਾਉਣ ਲਈ ਦਬਾਰਾ ਨਿਗਮ ਨੂੰ ਲੱਖਾਂ ਰੁਪਏ ਖਰਚਣੇ ਪੈਣਗੇ। ਜਦਕਿ ਨਗਰ ਨਿਗਮ ਦੇ ਖਜ਼ਾਨੇ ‘ਚ ਤਾਂ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਪੈਸੇ ਵੀ ਨਹੀਂ ਹਨ।

– ਲੋਕਾਂ ਨੂੰ ਪਾਣੀ ਦੀ ਸਹੂਲਤ ਦੇਣ ਲਈ ਸ਼ੁਰੂ ਕਰਵਾਇਆ ਦਬਾਰਾ ਕੰਮ : ਕਾਰਜਕਾਰੀ ਇੰਜੀਨੀਅਰ

ਨਗਰ ਨਿਗਮ ਜੋਨ-ਸੀ ਦੇ ਓਐਂਡਐੱਮ ਸੈੱਲ ਦੇ ਕਾਰਜਕਾਰੀ ਇੰਜੀਨੀਅਰ ਨਛੱਤਰ ਸਿੰਘ ਦਾ ਕਹਿਣਾ ਹੈ ਕਿ ਗਿਆਸਪੁਰਾ ਵਿਖੇ ਬਣੇ ਸਰਕਾਰੀ ਫਲੈਟਾਂ ‘ਚ ਪਹਿਲਾਂ ਬੀਐਂਡਆਰ ਸ਼ਾਖਾ ਨੇ ਪਾਈਪਾਂ ਪਵਾਈਆਂ ਸਨ, ਜੋਕਿ ਪਾਣੀ ਦੇ ਪ੍ਰੈਸ਼ਰ ਨਾਲ ਟੁੱਟ ਰਹੀਆਂ ਹਨ। ਇਸ ਕਾਰਨ ਹੁਣ ਦੁਬਾਰਾ 64 ਲੱਖ ਦੀ ਲਾਗਤ ਵਾਲਾ ਜੀਆਈ ਪਾਈਪਾਂ ਦਾ ਟੈਂਡਰ ਲਗਾ ਕੇ ਨਵੀਆਂ ਪਾਈਪਾਂ ਪਾਈਆ ਜਾ ਰਹੀਆਂ ਹਨ ਤਾਂ ਜੋ ਫਲੈਟਾਂ ਦੀਆਂ ਛੱਤਾਂ ਤੇ ਲੱਗੀਆਂ ਟੈਂਕੀਆਂ ਤਕ ਪਾਣੀ ਪਹੁੰਚਾਇਆ ਜਾ ਸਕੇ।

— ਮਾਮਲਾ ਗੰਭੀਰ ਕਰਵਾਈ ਜਾਵੇਗੀ ਜਾਂਚ : ਕਮਿਸ਼ਨਰ

ਨਗਰ ਨਿਗਮ ਦੇ ਕਮਿਸ਼ਨਰ ਜਸਕਿਰਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਜੇਕਰ ਕੁਝ ਸਮਾਂ ਪਹਿਲਾਂ ਪਾਣੀ ਤੇ ਸੀਵਰੇਜ ਦੀਆਂ ਲਾਈਨਾਂ ਪਾਈਆਂ ਗਈਆਂ ਹਨ ਤਾਂ ਦਬਾਰਾ ਕਿਉਂ ਲੋੜ ਪਈ ਇਸ ਨੂੰ ਚੈੱਕ ਕੀਤਾ ਜਾਵੇਗਾ। ਪਹਿਲਾਂ ਪਈਆਂ ਪਾਣੀ ਤੇ ਸੀਵਰੇਜ ਦੀਆਂ ਲਾਈਨਾਂ ਬਾਰੇ ਉਨ੍ਹਾਂ ਕੋਲ ਪੂਰੀ ਜਾਣਕਾਰੀ ਨਹੀਂ ਹੈ। ਪਹਿਲਾਂ ਪਈਆਂ ਪਾਣੀ ਦੀਆਂ ਲਾਈਨਾਂ ਦੀ ਜਗ੍ਹਾ ਹੁਣ ਦੁਬਾਰਾ ਪਾਈਪਾਂ ਪਾਉਣ ਦਾ ਮਾਮਲਾ ਗੰਭੀਰ ਹੈ, ਜਿਸ ਦੀ ਜਾਂਚ ਕਰਵਾਈ ਜਾਵੇਗੀ।

 

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com