ਪ੍ਰਾਈਵੇਸੀ ਕਾਰਨ ਅਮਲੇ ਦੀਆਂ ਤਨਖਾਹਾਂ ਦਾ ਖੁਲਾਸਾ ਨਹੀਂ ਕਰ ਸਕਦੇ : ਪੀਐਮਓ


PMOਓਟਵਾ, 15 ਜੂਨ ((ਪੰਜਾਬੀ ਰਿਪੋਟਰ )) : ਲਿਬਰਲ ਸਰਕਾਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਘੇ ਸਹਾਇਕ, ਜੋ ਕਿ ਸਾਲ ਦਾ 150,000 ਡਾਲਰ ਕਮਾ ਰਹੇ ਹਨ, ਦੀ ਤਨਖਾਹ ਦਾ ਖੁਲਾਸਾ ਕੀਤਾ ਜਾਵੇ ਤਾਂ ਇਹ ਪ੍ਰਾਈਵੇਸੀ ਲਾਅ ਦੀ ਉਲੰਘਣਾਂ ਕਰਨ ਦੇ ਬਰਾਬਰ ਹੋਵੇਗਾ।
ਪ੍ਰਿਵੀ ਕਾਉਂਸਲ ਆਫਿਸ ਦੇ ਬੁਲਾਰੇ ਨੇ ਬੁੱਧਵਾਰ ਸ਼ਾਮ ਨੂੰ ਆਖਿਆ ਕਿ ਪੀਐਮਓ ਅਮਲੇ ਦੇ ਦਸ ਤੋਂ ਵੀ ਘੱਟ ਮੈਂਬਰ ਸਾਲ ਦਾ 150,000 ਡਾਲਰ ਤੋਂ ਵੱਧ ਕਮਾ ਰਹੇ ਹਨ ਪਰ ਉਨ੍ਹਾਂ ਨਾ ਸਿਰਫ ਉਨ੍ਹਾਂ ਦੇ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ ਸਗੋਂ ਇਹ ਵੀ ਨਹੀਂ ਦੱਸਿਆ ਕਿ ਅਜਿਹੇ ਅਮਲਾ ਮੈਂਬਰਾਂ ਦੀ ਅਸਲ ਤਨਖਾਹ ਕਿੰਨੀ ਹੈ। ਪੀਸੀਓ ਦੇ ਬੁਲਾਰੇ ਪਾਲ ਡੁਚੇਸਨੇ ਨੇ ਦੱਸਿਆ ਕਿ ਅਸੀਂ ਪ੍ਰਾਈਵੇਸੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੋਰ ਜਾਣਕਾਰੀ ਨਹੀਂ ਦੇ ਸਕਦੇ। ਪੀਐਮਓ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੀਆਂ ਤਨਖਾਹਾਂ ਪਬਲਿਕ ਸਰਵਿਸ ਦੇ ਬਰਾਬਰ ਹਨ।
ਪੀਐਮਓ ਦੇ ਪ੍ਰੈੱਸ ਸਕੱਤਰ ਕੈਮਰੂਨ ਅਹਿਮਦ ਨੇ ਇੱਕ ਈ-ਮੇਲ ਰਾਹੀਂ ਦੱਸਿਆ ਕਿ ਇਸ ਅਮਲੇ ਦੀ ਤਨਖਾਹ ਪ੍ਰਿਵੀ ਕਾਉਂਸਲ ਆਫਿਸ ਤੇ ਸੀਨੀਅਰ ਸਿਵਲ ਸਰਵੈਂਟਸ ਦੇ ਹਿਸਾਬ ਅਨੁਸਾਰ ਹੈ। ਬਾਕੀ 14 ਕਰਮਚਾਰੀਆਂ ਦੀ ਤਨਖਾਹ 100,000 ਡਾਲਰ ਤੇ 150,000 ਡਾਲਰ ਦਰਮਿਆਨ ਹੈ। ਟਰੂਡੋ ਦੇ ਉੱਘੇ ਸਹਾਇਕ-ਚੀਫ ਆਫ ਸਟਾਫ ਕੇਟੀ ਟੈੱਲਫੋਰਡ ਤੇ ਪ੍ਰਿੰਸੀਪਲ ਸੈਕਰੇਟਰੀ ਗੇਰਾਲਡ ਬੱਟਸ ਦੀ ਤਨਖਾਹ ਮੁਹੱਈਆ ਨਹੀਂ ਕਰਵਾਈ ਗਈ। ਪਰ ਦੂਜੇ ਅਧਿਕਾਰ ਖੇਤਰਾਂ ਵਿੱਚ ਸੀਨੀਅਰ ਅਧਿਕਾਰੀਆਂ ਦੀ ਤਨਖਾਹ ਸਬੰਧੀ ਜਾਣਕਾਰੀ ਆਟੋਮੈਟਿਕਲੀ ਜਾਹਿਰ ਕੀਤੀ ਜਾਂਦੀ ਹੈ।
ਮਿਸਾਲ ਵਜੋਂ ਓਨਟਾਰੀਓ ਵਿੱਚ ਐਂਡਰਿਊ ਬੇਵਨ, ਜੋ ਕਿ ਚੀਫ ਆਫ ਸਟਾਫ ਤੇ ਪ੍ਰੀਮੀਅਰ ਕੈਥਲੀਨ ਵਿੰਨ ਦੇ ਪ੍ਰਿੰਸੀਪਲ ਐਡਵਾਈਜ਼ਰ ਹਨ, ਨੂੰ 2016 ਵਿੱਚ 312,582 ਡਾਲਰ ਤਨਖਾਹ ਦਿੱਤੀ ਗਈ। ਇਹ ਖੁਲਾਸਾ ਪ੍ਰੋਵਿੰਸ ਦੀ ਪਬਲਿਕ ਸੈਕਟਰ ਸੈਲਰੀ ਡਿਸਕਲੋਜ਼ਰ ਡਾਟਾ ਅਨੁਸਾਰ ਸਹੀ ਹੈ। ਇਸ ਨੂੰ ਸਨਸ਼ਾਈਨ ਲਿਸਟ ਵੀ ਆਖਿਆ ਜਾਂਦਾ ਹੈ।
ਅਹਿਮਦ ਦਾ ਕਹਿਣਾ ਹੈ ਕਿ ਪੀਐਮਓ ਅਮਲੇ ਦੀ ਤਨਖਾਹ ਪ੍ਰੋਵਿੰਸ਼ੀਅਲ ਪ੍ਰੀਮੀਅਰਜ਼ ਦੇ ਆਫਿਸ ਮੁਤਾਬਕ ਹੀ ਹਨ। ਉਨ੍ਹਾਂ ਆਖਿਆ ਕਿ ਅਮਲੇ ਦੀ ਤਨਖਾਹ ਨਿਰਧਾਰਤ ਕਰਦੇ ਹੋਏ ਅਸੀਂ ਪੀਐਮਓ ਬਜਟ ਅਤੇ ਹੋਰਨਾਂ ਫਰਸਟ ਮੰਤਰੀਆਂ ਦੇ ਆਫਿਸ ਤੇ ਆਪਣੇ ਆਫਿਸ ਦੀਆਂ ਤਨਖਾਹਾਂ ਉੱਤੇ ਨਜ਼ਰ ਜ਼ਰੂਰ ਮਾਰਦੇ ਹਾਂ ਤਾਂ ਕਿ ਸਾਰਾ ਕੰਮ ਨਿਯਮਾਂ ਦੇ ਮੁਤਾਬਕ ਹੀ ਹੋ ਸਕੇ। ਕੈਬਨਿਟ ਮੰਤਰੀਆਂ ਨੂੰ ਆਪਣੇ ਤਥਾ ਕਥਿਤ ਐਗਜੈ਼ਂਪਟ ਅਮਲੇ ਨੂੰ ਟਰੇਜ਼ਰੀ ਬੋਰਡ ਸੈਕਟਰੀਏਟ ਅਨੁਸਾਰ ਇੱਕ ਹੱਦ ਤੱਕ ਤੈਅਸ਼ੁਦਾ ਤਨਖਾਹ ਦੇਣੀ ਹੁੰਦੀ ਹੈ ਜਾਂ ਫਿਰ ਤਨਖਾਹ ਵਿੱਚ ਫਰਕ ਰੱਖਣ ਲਈ ਟਰੇਜ਼ਰੀ ਬੋਰਡ ਦੇ ਪ੍ਰੈਜ਼ੀਡੈਂਟ ਸਕੌਟ ਬ੍ਰਿਸਨ ਦੀ ਇਜਾਜ਼ਤ ਲੈਣੀ ਪੈਂਦੀ ਹੈ। ਪਰ ਪ੍ਰਧਾਨ ਮੰਤਰੀ ਆਫਿਸ ਇਸ ਤਰ੍ਹਾਂ ਦੀਆਂ ਸ਼ਰਤਾਂ ਲਈ ਬੱਝਿਆ ਹੋਇਆ ਨਹੀਂ ਹੈ ਤੇ ਉਹ ਕਿਸੇ ਵੀ ਪੱਧਰ ਉੱਤੇ ਆਪਣੇ ਅਮਲੇ ਦੀ ਤਨਖਾਹ ਨਿਰਧਾਰਤ ਕਰ ਸਕਦਾ ਹੈ।

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply