ਅਫਗਾਨਿਸਤਾਨ ਵਿੱਚ ਮੁੜ ਕੈਨੇਡਾ ਦੀ ਮਦਦ ਚਾਹੁੰਦਾ ਹੈ ਨਾਟੋ : ਸੱਜਣ


sajjan
ਓਟਵਾ, 11 ਜੂਨ ((ਪੰਜਾਬੀ ਰਿਪੋਟਰ )) : ਰਸਮੀ ਤੌਰ ਉੱਤੇ ਅਫਗਾਨਿਸਤਾਨ ਮਿਸ਼ਨ ਖ਼ਤਮ ਹੋਣ ਤੋਂ ਤਿੰਨ ਸਾਲ ਬਾਅਦ ਨਾਟੋ ਵੱਲੋਂ ਕੈਨੇਡਾ ਨੂੰ ਮੁੜ ਆਪਣੇ ਪੁਲਿਸ ਟਰੇਨਰ ਅਫਗਾਨਿਸਤਾਨ ਭੇਜਣ ਦੀ ਗੁਜ਼ਾਰਿਸ਼ ਕੀਤੀ ਗਈ ਹੈ। ਰੱਖਿਆ ਮੰਤਰੀ ਹਰਜੀਤ ਸੱਜਣ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ।
ਅਸਲ ਵਿੱਲ ਇਹ ਗੁਜ਼ਾਰਿਸ਼ ਨਾਟੋ ਵੱਲੋਂ ਅਮਰੀਕਾ ਰਾਹੀਂ ਆਈ ਹੈ। ਇੱਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਹੁਣ ਜਾਂ ਤਾਂ ਸਿਵਲੀਅਨ ਪੁਲਿਸ ਟਰੇਨਰ ਜਿਵੇਂ ਕਿ ਆਰਸੀਐਮਪੀ ਨੂੰ ਇਸ ਮਿਸ਼ਨ ਵਿੱਚ ਸ਼ਾਮਲ ਕੀਤਾ ਜਾਵੇਗਾ ਤੇ ਜਾਂ ਫਿਰ ਕੈਨੇਡੀਅਨ ਫੌਜ ਦੇ ਜਵਾਨ ਅਫਗਾਨ ਪੁਲਿਸ ਨੂੰ ਟਰੇਨਿੰਗ ਦੇਣਗੇ। ਸੱਜਣ ਨੇ ਆਖਿਆ ਕਿ ਕੈਨੇਡਾ ਅਫਗਾਨਿਸਤਾਨ ਨੂੰ ਸਮਰਥਨ ਦੇਣ ਲਈ ਹਰ ਪੱਖ ਨੂੰ ਧਿਆਨ ਵਿੱਚ ਰੱਖ ਰਿਹਾ ਹੈ। ਹਾਲਾਂਕਿ ਉਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਕੈਨੇਡੀਅਨ ਪੀਸਕੀਪਰਜ਼ ਨੂੰ ਇੱਥੇ ਨਹੀਂ ਭੇਜਿਆ ਜਾਵੇਗਾ ਕਿਉਂਕਿ ਇਹ ਕੋਈ ਸੰਯੁਕਤ ਰਾਸ਼ਟਰ ਦਾ ਮਿਸ਼ਨ ਨਹੀਂ ਹੈ।
ਸੱਜਣ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਸਾਨੂੰ ਅਸਲ ਵਿੱਚ ਅਮਰੀਕਾ ਵੱਲੋਂ ਹੀ ਅਜਿਹਾ ਕਰਨ ਲਈ ਆਖਿਆ ਗਿਆ ਸੀ। ਪਰ ਅਫਗਾਨਿਸਾਤਨ ਵਿੱਚ ਇਸ ਵਾਰੀ ਪੁਲਿਸ ਟਰੇਨਰ ਲਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਅਸਲ ਵਿੱਚ ਅਸੀਂ ਅਜੇ ਵੀ ਅਫਗਾਨਿਸਤਾਨ ਪ੍ਰਤੀ ਵਚਨਬੱਧ ਹਾਂ। ਅਸੀਂ ਫੰਡ ਆਦਿ ਵੀ ਉਨ੍ਹਾਂ ਨੂੰ ਮੁਹੱਈਆ ਕਰਵਾ ਚੁੱਕੇ ਹਾਂ ਫਿਰ ਭਾਵੇਂ ਉਹ ਵਿਕਾਸ ਦੇ ਕੰਮਾਂ ਉੱਤੇ, ਸੁਰੱਖਿਆ ਬਲਾਂ ਨੂੰ ਤਨਖਾਹਾਂ ਦੇਣ ਆਦਿ ਉੱਤੇ ਖਰਚ ਕੀਤੀ ਗਈ ਹੋਵੇ ਜਾਂ ਨਹੀਂ।
2014 ਤੋਂ 2017 ਤੱਕ ਕੈਨੇਡਾ ਨੇ ਅਫਗਾਨਿਸਤਾਨ ਵਿੱਚ ਇੰਟਰਨੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਅਫਗਾਨ ਨੈਸ਼ਨਲ ਸਕਿਊਰਿਟੀ ਫੋਰਸਿਜ਼, ਜਿਸ ਵਿੱਚ ਅਫਗਾਨ ਨੈਸ਼ਨਲ ਆਰਮੀ ਤੇ ਦ ਅਫਗਾਨ ਨੈਸ਼ਨਲ ਪੁਲਿਸ ਵੀ ਸ਼ਾਮਲ ਹੈ, ਲਈ 227 ਮਿਲੀਅਨ ਡਾਲਰ ਤੇ 2015 ਤੋਂ 2018 ਤੱਕ 330 ਮਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਸੀ। ਸੱਜਣ ਨੇ ਆਖਿਆ ਕਿ ਕੈਨੇਡਾ ਆਪਣੇ ਕਿਸੇ ਵੀ ਭਾਈਵਾਲ ਮੁਲਕ ਨੂੰ ਅਲੱਗ ਥਲੱਗ ਹੋਇਆ ਨਹੀਂ ਵੇਖ ਸਕਦਾ। ਸੱਜਣ ਨੇ ਆਖਿਆ ਕਿ ਗੱਠਜੋੜ ਇਸੇ ਲਈ ਹੁੰਦੇ ਹਨ। ਉਨ੍ਹਾਂ ਆਖਿਆ ਕਿ ਵੱਖ ਵੱਖ ਧਮਕੀਆਂ ਦੇ ਸਬੰਧ ਵਿੱਚ ਉਹ ਆਪਣੇ ਭਾਈਵਾਲ ਮੁਲਕਾਂ ਨਾਲ ਲਗਾਤਾਰ ਰਾਬਤਾ ਰੱਖ ਰਹੇ ਹਨ ਫਿਰ ਭਾਵੇਂ ਉਹ ਨਾਟੋ ਜਾਂ ਦਾਇਸ਼ ਵਿਰੋਧੀ ਮੀਟਿੰਗਾਂ ਹੋਣ। ਸੱਜਣ ਨੇ ਇੱਥੇ ਇਸਲਾਮਿਕ ਸਟੇਟ ਦੇ ਦੂਜੇ ਨਾਂ ਦਾਇਸ਼ ਦੀ ਵਰਤੋਂ ਕੀਤੀ।
ਪਿਛਲੇ ਸਾਲ ਅਗਸਤ ਵਿੱਚ ਸੱਜਣ ਨੇ ਐਲਾਨ ਕੀਤਾ ਸੀ ਕਿ ਕੈਨੇਡਾ ਪੀਸਕੀਪਿੰਗ ਮਿਸ਼ਨ ਲਈ ਤਿੰਨ ਸਾਲਾਂ ਦੇ ਅਰਸੇ ਵਿੱਚ 600 ਫੌਜੀ ਟੁਕੜੀਆਂ ਭੇਜੇਗਾ ਤੇ 450 ਮਿਲੀਅਨ ਡਾਲਰ ਖਰਚ ਕਰੇਗਾ। ਬਾਅਦ ਵਿੱਚ ਉਨ੍ਹਾਂ ਕਈ ਦੇਸ਼ਾਂ ਦਾ ਦੌਰਾ ਕੀਤਾ ਤੇ ਇਹ ਆਖਿਆ ਕਿ ਉਹ ਇਸ ਸਾਲ ਦੇ ਅੰਤ ਵਿੱਚ ਮਿਸ਼ਨ ਬਾਰੇ ਐਲਾਨ ਕਰਨਗੇ। ਪਰ 2017 ਦੇ ਵੀ ਲੱਗਭਗ ਛੇ ਮਹੀਨੇ ਨਿਕਲ ਚੁੱਕੇ ਹਨ ਪਰ ਅਜੇ ਤੱਕ ਇਸ ਪੀਸਕੀਪਿੰਗ ਮਿਸ਼ਨ ਬਾਰੇ ਇੱਕ ਅੱਖਰ ਤੱਕ ਨਹੀਂ ਬੋਲਿਆ ਗਿਆ। ਸੱਜਣ ਦਾ ਕਹਿਣਾ ਹੈ ਕਿ ਉਹ ਇਸ ਤਰ੍ਹਾਂ ਦੇ ਆਪਰੇਸ਼ਨਜ਼ ਦਾ ਸਮਰਥਨ ਕਰਦੇ ਹਨ ਪਰ ਸੰਯੁਕਤ ਰਾਸ਼ਟਰ ਤੇ ਅਮਰੀਕਾ ਵਿੱਚ ਲੀਡਰਸਿ਼ਪ ਬਦਲਣ ਕਾਰਨ ਇਸ ਵਿੱਚ ਦੇਰ ਹੋਈ।

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply