ਬਡੂੰਗਰ ਨੂੰ ਸਿਆਸੀ ਧਰਨਿਆਂ ‘ਚ ਸ਼ਮੂਲੀਅਤ ਨਹੀਂ ਕਰਨੀ ਚਾਹੀਦੀ-ਗਿਆਨੀ ਗੁਰਬਚਨ ਸਿੰਘ


ਅੰਮ੍ਰਿਤਸਰ:  ਗੁਰਦੁਆਰਾ ਗਿਆਨ ਗੋਦੜੀ ਦੇ ਮਾਮਲੇ ਨੂੰ ਹੱਲ ਕਰਨ ਤੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ। ਜਿਸ ਵਿੱੱਚ 15 ਮੈਂਬਰੀ ਕਮੇਟੀ ਦਾ ਗਠਨ ਕਰਨ ਦੀ ਰੂਪ ਰੇਖਾ ਤਿਆਰ ਕੀਤੀ ਹੈ। ਜਿਸ ਵਿੱਚ ਸਿੱਖ ਪੰਥ ਨਾਲ ਸਬੰਧਿਤ ਵੱਖ ਵੱਖ ਸੰਪਰਦਾਵਾਂ, ਗੁਰਦੁਆਰਾ ਕਮੇਟੀਆਂ ਤੇ ਟਕਸਾਲਾਂ ਤੇ ਤਖਤਾਂ ਦੇ ਨੁੰਮਾਇੰਦਿਆ ਨੂੰ ਸ਼ਾਮਲ ਕੀਤਾ ਜਾਵੇਗਾ।

15 ਮੈਂਬਰੀ ਕਮੇਟੀ ਬਣਾਉਣ ਦੀ ਯੋਜਨਾ ਉਲੀਕੀ

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰੂਦੁਆਰਾ ਗਿਆਨ ਗੋਦੜੀ ਦਾ ਮਾਮਲਾ ਕਾਫੀ ਭੱਖਦਾ ਮਸਲਾ ਹੈ ਤੇ ਇਸ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਕਾਫੀ ਗੰਭੀਰ ਹਨ। ਉਨ੍ਹਾਂ ਕਿਹਾ ਕਿ ਗਿਆਨ ਗੋਦੜੀ ਦੇ ਮਾਮਲੇ ਨੂੰ ਹੱਲ ਕਰਨ ਲਈ ਇੱਕ 15 ਮੈਂਬਰੀ ਕਮੇਟੀ ਬਣਾਉਣ ਦੀ ਯੋਜਨਾ ਉਲੀਕੀ ਗਈ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਬਿਜੈ ਸਿੰਘ ਨੂੰ ਕਮੇਟੀ ਦੇ ਕਨਵੀਨਰ ਲਗਾਇਆ ਗਿਆ ਹੈ। ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪ੍ਰਧਾਨ ਸ਼੍ਰੋਮਣੀ ਕਮੇਟੀ, ਪ੍ਰਧਾਨ ਦਿੱਲੀ ਕਮੇਟੀ, ਪ੍ਰਧਾਨ ਤਖਤ ਸ੍ਰੀ ਪਟਨਾ ਸਾਹਿਬ, ਪ੍ਰਧਾਨ ਤਖਤ ਸ੍ਰੀ ਹਜੂਰ ਸਾਹਿਬ, ਪ੍ਰਧਾਨ ਚੀਫ ਖਾਲਸਾ ਦੀਵਾਨ, ਮੁੱਖੀ ਦਮਦਮੀ ਟਕਸਾਲ, ਮੁੱਖੀ ਬੁੱਢਾ ਦਲ, ਮੁੱਖੀ ਨੀਲਧਾਰੀ ਸੰਪਰਦਾਇ (ਪਿੱਪਲੀ), ਮੁੱਖੀ ਨਿਰਮਲੇ ਸੰਪਰਦਾਇ, ਮੁੱਖੀ ਉਦਾਸੀ ਸੰਪਰਦਾਇ, ਨਾਨਕਸਰ ਸੰਪਰਦਾਇ, ਪ੍ਰਧਾਨ ਸੇਵਾ ਪੰਥੀ ਸੰਪਰਦਾਇ, ਸਿੱਖ ਮਿਸ਼ਨਰੀ ਕਾਲਜ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਕੋਲੋਂ ਇੱਕ ਇੱਕ ਨੁੰਮਾਇੰਦੇ ਦਾ ਨਾਮ ਲੈ ਕੇ ਇੱਕ ਹਫਤੇ ਦੇ ਅੰਦਰ ਅੰਦਰ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਪ੍ਰਧਾਨ ਦਿੱਲੀ ਕਮੇਟੀ ਨਾਲ ਸੰਪਰਕ ਬਣਾ ਕੇ ਕਾਰਜ ਆਰੰਭ ਕਰਨ।

ਪੱਤਰਕਾਰਾਂ ਨੂੰ ਸਤਨਾਮ ਸਿੰਘ ਦਾ ਮੁਆਫੀਨਾਮਾ ਨਹੀਂ ਦਿਖਾਇਆ ਗਿਆ

ਨੀਲਧਾਰੀ ਸੰਪਰਦਾ ਪਿੱਪਲੀ ਦੇ ਮੁੱਖੀ ਬਾਬਾ ਸਤਨਾਮ ਸਿੰਘ ਵੱਲੋਂ ਦਸਵੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਬਾਰੇ ਵਿਵਾਦਤ ਟਿੱਪਣੀ ਕਰਨ ‘ਤੇ  ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸਨੂੰ ਬਿਨਾਂ ਬੁਲਾਏ ਮੁਆਫੀ ਦੇ ਦਿੱਤੀ ਗਈ ਸੀ, ਪਰ ਸਿੱਖ ਪੰਥ ਵਿੱਚ ਇਸ ਨੂੰ ਕੇ ਹੋਏ ਵਿਦਰੋਹ ਕਾਰਨ ਉਸ ਨੂੰ ਰਸਮ ਪੂਰੀ ਕਰਨ ਲਈ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਤੇ ਉਸ ਨੇ ਅੱਜ ਆਪਣਾ ਸਪੱਸ਼ਟੀਕਰਨ ਲਿਖਤੀ ਰੂਪ ਵਿੱਚ ਦੇ ਕੇ ਗਲਤੀ ਦੀ ਮੁਆਫੀ ਮੰਗੀ ਪਰ ਬਾਕੀ ਪੇਸ਼ੀ ਭੁਗਤਣ ਵਾਲਿਆ ਵਾਂਗ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਬਾਹਰ ਬਿਠਾਉਣ ਦੀ ਬਜਾਏ ਅੰਦਰ ਭੋਰੇ ਵਿੱਚ ਠੰਡੇ ਥਾਂ ਤੇ ਬਿਠਾਇਆ ਗਿਆ ਤੇ ਪ੍ਰਸਾਦਾ ਪਾਣੀ ਛਕਾਉਣ ਤੋ ਇਲਾਵਾ ਟਹਿਲ ਸੇਵਾ ਵੀ ਕੀਤੀ ਪਰ ਪੱਤਰਕਾਰਾਂ ਨੂੰ ਉਸ ਦਾ ਮੁਆਫੀਨਾਮਾ ਨਹੀਂ ਦਿਖਾਇਆ ਗਿਆ। ਬਾਬਾ ਸਤਨਾਮ ਸਿੰਘ ਪਿੱਪਲੀ ਨੇ ਮਾਤਾ ਗੁਜਰੀ ਨੂੰ ਉਜੜੀ ਕਹਿ ਕੇ ਵਿਵਾਦ ਖੜਾ ਕੀਤਾ ਸੀ ਜਿਸ ਨੂੰ ਲੈ ਕੇ ਉਸ ਨੂੰ ਪੰਥ ਵਿੱਚ ਛੇਕਣ ਦੀ ਵੀ ਮੰਗ ਉਠੀ ਸੀ। ਪਰ ਸਿਆਸੀ ਦਬਾ ਕਰਕੇ ਉਸ ਵਿਰੁੱਧ ਕਾਰਵਾਈ ਕਰਨ ਦੀ ਲੋੜ ਨਹੀ ਸਮਝੀ ਗਈ ਤੇ ਉਸ ਨੂੰ ਇੱਕ ਦਿਨ ਦੀ ਵੀ ਤਨਖਾਹ ਨਹੀਂ ਲਗਾਈ ਗਈ। ਬਾਬਾ ਪਿੱਪਲੀ ਬਾਰੇ ਚਰਚਾ ਹੈ ਕਿ ਉਹ ਜਥੇਦਾਰਾਂ ਸਮੇਤ ਹਰ ਸਿਆਸੀ ਆਗੂ ਦਾ ਅੰਨਦਾਤਾ ਹੈ ਤੇ ਉਸ ਕੋਲੋ ਗੱਫੇ ਮੋਟੇ ਮਿਲਦੇ ਹਨ। ਇਥੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਲਾਜ਼ਮ ਵੀ ਕਹਿੰਦੇ ਸੁਣੇ ਗਏ ਕਿ ਬਾਬਾ ਜੀ ਉਨ੍ਹਾਂ ਦੀ ਸੇਵਾ ਵੀ ਖੁੱਲੇ ਦਿਲ ਨਾਲ ਕਰਦੇ ਹਨ।

ਸਿੱਖ ਇਤਿਹਾਸ ਨੂੰ ਸੋਧਣ ਦੇ ਦਿੱੱਤੇ ਆਦੇਸ਼

ਸਿੱਖ ਇਤਿਹਾਸ ਨੂੰ ਪਿਛਲੇ ਕਰੀਬ ਦੋ ਦਹਾਕਿਆ ਤੋ ਨਵੇ ਸਿਰੇ ਤੋ ਲਿਖਣ ਦੀ ਉਠ ਰਹੀ ਮੰਗ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੋ ਸ਼੍ਰੋਮਣੀ ਕਮੇਟੀ ਨੂੰ ਕਈ ਵਾਰੀ ਆਦੇਸ਼, ਸੰਦੇਸ਼ ਤੇ ਹਦਾਇਤਾਂ ਜਾਰੀ ਕੀਤੀਆ ਜਾਂਦੀਆ ਰਹੀਆ ਹਨ। ਹੁਣ ਇੱਕ ਵਾਰੀ ਫਿਰ ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਵਿਦਵਾਨਾਂ ਦਾ ਇੱਕ ਪੈਨਲ ਬਣਾ ਕੇ ਇਤਿਹਾਸ ਨੂੰ ਗੁਰਬਾਣੀ ਗੁਰਮਤਿ ਦੀ ਕਸਵੱਟੀ ਤੇ ਸੋਧਣ ਦਾ ਉਪਰਾਲਾ ਕੀਤਾ ਜਾਵੇ।

ਸਕਰੀਨਾਂ ‘ਚ ਸੁਧਾਰ ਕਰਕੇ ਗੁਰਬਾਣੀ ਦਾ ਕੀਤਰਨ ਹੀ ਸਰਵਣ ਕਰਵਾਇਆ ਜਾਂਦਾ ਹੈ

ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਵੱਲੋ ਸਿਆਸੀ ਧਰਨਿਆਂ ਵਿੱਚ ਸ਼ਾਮਲ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇੱਕ ਧਾਰਮਿਕ ਸੰਸਥਾ ਅਤੇ ਕਿਰਪਾਲ ਸਿੰਘ ਬਡੂੰਗਰ ਨੂੰ ਧਾਰਮਿਕ ਸੰਸਥਾ ਦੇ ਮੁੱਖੀ ਹੋਣ ਕਾਰਨ ਸਿਆਸੀ ਧਰਨਿਆਂ ਤੇ ਮੁਜਾਹਰਿਆਂ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਹੈ। ਸ੍ਰੀ ਦਰਬਾਰ ਸਾਹਿਬ ਦੇ ਰਸਤੇ ਵਿੱਚ ਸਾਰਾਗੜੀ ਦੇ ਨਜਦੀਕ ਕਾਰ ਪਾਰਕਿੰਗ ਦੀ ਦੀਵਾਰ ਨਾਲ ਲੱਗੀਆਂ ਸਕਰੀਨਾਂ ਤੇ ਕਈ ਪਾਬੰਦੀ ਸ਼ੁਦਾ ਮਸ਼ਹੂਰੀਆਂ ਵਿਖਾਏ ਜਾਣ ਬਾਰੇ ਉਨ੍ਹਾਂ ਕਿਹਾ ਕਿ ਹੁਣ ਸਕਰੀਨ ਵਾਲਿਆਂ ਨੇ ਸੁਧਾਰ ਕਰ ਲਿਆ ਹੈ ਤੇ ਉਥੇ ਗੁਰਬਾਣੀ ਦਾ ਕੀਤਰਨ ਹੀ ਸਰਵਣ ਕਰਵਾਇਆ ਜਾਂਦਾ ਹੈ।

ਬੇਅਦਬੀ ਮਾਮਲਿਆਂ ‘ਚ ਉਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਖਿਲਾਫ ਹੋਵੇਗਾ ਧਾਰਾ 295 ਏ ਦੇ ਤਹਿਤ ਪਰਚਾ ਦਰਜ 

ਗਿਆਨੀ ਗੁਰਬਚਨ ਸਿੰਘ ਜੀ ਨੇ ਇੱਕ ਵਾਰੀ ਫਿਰ ਵੱਖ ਵੱਖ ਗੁਰਦੁਆਰਿਆਂ ਕਮੇਟੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜਿਸ ਵੀ ਗੁਰੂ ਘਰ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਉਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਖਿਲਾਫ ਵੀ ਧਾਰਾ 295 ਏ ਦੇ ਤਹਿਤ ਪਰਚਾ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ 24 ਘੰਟੇ ਪਹਿਰੇਦਾਰੀ ਨੂੰ ਯਕੀਨੀ ਬਣਾਇਆ ਜਾਣਾ ਜਰੂਰੀ ਹੈ। ਇਸ ਮੀਟਿੰਗ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋ ਇਲਾਵਾ , ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮਲਕੀਅਤ ਸਿੰਘ ਤੇ ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਭਾਗ ਲਿਆ ਅਤੇ ਇਹ ਮੀਟਿੰਗ ਕਰੀਬ ਤਿੰਨ ਘੰਟੇ ਚੱਲੀ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Admin Jess

Leave a Reply