ਜ਼ਿਲੇ 'ਚ ਖੋਲੇ੍ਹ ਜਾ ਰਹੇ ਹਨ ਅੱਠ ਹੁਨਰ ਵਿਕਾਸ ਕੇਂਦਰ

ਵਿਧਾਇਕ ਭੁੱਲਰ ਅਤੇ ਡਿਪਟੀ ਕਮਿਸ਼ਨਰ ਨੇ ਭਿੱਖੀਵਿੰਡ ਅਤੇ ਵਲਟੋਹਾ ‘ਚ ਕੇਂਦਰਾਂ ਦਾ ਕੀਤਾ ਉਦਘਾਟਨ

ਬਲਵੀਰ ਖਾਲਸਾ/ਰਾਜਵਿੰਦਰ ਰਾਜੂ, ਦਿਆਲਪੁਰਾ/ਘਰਿਆਲਾ : ਬਾਰਡਰ ਏਰੀਆਂ ਵਿਕਾਸ ਪ੍ਰੋਗਰਾਮ ਤਹਿਤ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ‘ਚ ਰਹਿੰਦੇ ਨੌਜਵਾਨਾਂ ਲੜਕੇ ਤੇ ਲੜਕੀਆਂ ਨੂੰ ਹੁਨਰਮੰਦ ਬਣਾਉਣ ਲਈ ਖੋਲ੍ਹੇ ਜਾ ਰਹੇ ਹੁਨਰ ਵਿਕਾਸ ਕੇਂਦਰਾਂ ਦੀ ਲੜੀ ਤਹਿਤ ਅੱਜ ਬਲਾਕ ਭਿੱਖੀਵਿੰਡ ਦੇ ਪਿੰਡ ਦਿਆਲਪੁਰਾ ਤੇ ਅਮੀ ਸ਼ਾਹ ਅਤੇ ਬਲਾਕ ਵਲਟੋਹਾ ਦੇ ਪਿੰਡ ਰੱਤੋਕੇ ਤੇ ਘਰਿਆਲਾ ਵਿੱਚ ਖੋਲ੍ਹੇ ਗਏ ਹੁਨਰ ਵਿਕਾਸ ਕੇਂਦਰਾਂ ਦਾ ਉਦਘਾਟਨ ਵਿਧਾਇਕ ਸੁਖਪਾਲ ਸਿੰਘ ਭੁੱਲਰ ਅਤੇ ਡਿਪਟੀ ਕਮਿਸ਼ਨਰ ਤਰਨਤਾਰਨ ਇੰਜਨੀਅਰ ਡੀਪੀ ਐੱਸ ਖਰਬੰਦਾ ਨੇ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ, ਐੱਸਡੀਐੱਮ ਪੱਟੀ ਸੁਰਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਰਮਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਹਰਪਾਲ ਸਿੰਘ ਅਤੇ ਡਿਪਟੀ ਈਐੱਸਏ ਅਸ਼ੋਕ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਕਿੱਤਾ ਮੁਖੀ ਸਿਖਲਾਈ ਦੇਣ ਲਈ ਬਲਾਕ ਵਲਟੋਹਾ, ਗੰਡੀਵਿੰਡ ਅਤੇ ਭਿੱਖੀਵਿੰਡ ਦੇ ਪਿੰਡਾਂ ਵਿੱਚ 8 ‘ਹੁਨਰ ਵਿਕਾਸ ਕੇਂਦਰ’ ਖੋਲ੍ਹੇ ਜਾ ਰਹੇ ਹਨ। ਪਿੰਡ ਦਿਆਲਪੁਰਾ, ਘਰਿਆਲਾ, ਅਮੀਸ਼ਾਹ ਅਤੇ ਰੱਤੋਕੇ ਵਿਖੇ ਖੋਲ੍ਹੇ ਗਏ ਕੇਂਦਰਾਂ ਦਾ ਉਦਘਾਟਨ ਕੀਤਾ ਗਿਆ ਹੈ। ਇਨ੍ਹਾਂ ਕੇਂਦਰਾਂ ‘ਚ ਲੜਕੀਆਂ ਨੂੰ ਸਿਲਾਈ ਦੇ ਕੋਰਸ ਦੀ ਮੁਫਤ ਟਰੇਨਿੰਗ ਦਿੱਤੀ ਜਾਵੇਗੀ। ਨੌਜਵਾਨ ਲੜਕਿਆਂ ਨੂੰ ਕਿੱਤਾ ਮੁਖੀ ਸਿਖਲਾਈ ਦੇਣ ਲਈ ਹੋਰ ਕੇਂਦਰ ਖੋਲ੍ਹੇ ਜਾਣਗੇ। ਸ੍ਰੀ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਕਿੱਤਾ ਮੁਖੀ ਟਰੇਨਿੰਗ ਕੇਂਦਰ ਖੋਲ੍ਹੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦੇ ਧੰਦੇ ਸ਼ੁਰੂ ਕਰਨ ਲਈ ਕਰਜ਼ੇ ‘ਤੇ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੌਜਾਵਾਨਾਂ ਨੂੰ ਅਪੀਲ ਕੀਤੀ ਕਿ ਕਿੱਤਾ ਮੁਖੀ ਸਿਖਲਾਈ ਹਾਸਿਲ ਕਰਕੇ ਆਪਣੇ ਰੁਜ਼ਗਾਰ ਸ਼ੂਰੂ ਕਰਨ ਤਾਂ ਜੋ ਉਹ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ। ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਇੰਜਨੀਅਰ ਖਰਬੰਦਾ ਨੇ ਦੱਸਿਆ ਕਿ ਸਰਹੱਦੀ ਇਲਾਕਿਆਂ ਵਿਚ ਰਹਿੰਦੇ ਨੌਜਵਾਨਾਂ ਲੜਕੇ ਤੇ ਲੜਕੀਆਂ ਨੂੰ ਹੁਨਰਮੰਦ ਬਣਾਉਣ ਲਈ ਖੋਲ੍ਹੇ ਜਾ ਰਹੇ ਹੁਨਰ ਵਿਕਾਸ ਕੇਂਦਰਾਂ ‘ਤੇ ਸਰਕਾਰ ਵੱਲੋਂ 42 ਲੱਖ 27 ਹਜ਼ਾਰ ਰੁਪਏ ਖਰਚ ਕਰਕੇ ਲੱਗਭੱਗ 425 ਸਿੱਖਿਆਰਥੀਆਂ ਨੂੰ ਕਿੱਤਾ ਮੁਖੀ ਟਰੇਨਿੰਗ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਹੱਦੀ ਏਰੀਆ ਵਿਕਾਸ ਪ੍ਰੋਗਰਾਮ ਅਧੀਨ ਪਿੰਡ ਰੱਤੋਕੇ, ਘਰਿਆਲਾ, ਵਲਟੋਹਾ, ਗੰਡੀਵਿੰਡ, ਦਿਆਲਪੁਰਾ ਅਤੇ ਅਮੀਸ਼ਾਹ ਪਿੰਡਾਂ ‘ਚ ਇਹ ਸੈਂਟਰ ਖੋਲ੍ਹੇ ਜਾ ਰਹੇ ਹਨ। ਉਨਾਂ ਦੱਸਿਆ ਕਿ ਇਨਾਂ ਸੈਂਟਰਾਂ ਵਿਚ ਵੱਖ ਵੱਖ ਕਿੱਤਿਆਂ ਦੀ ਮੁਹਾਰਤ ਹਾਸਲ ਕਰਨ ਵਾਲ ਨੌਜਵਾਨ 10 ਤੋਂ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਕਮਾਈ ਕਰ ਸਕਣਗੇ। ਉਨਾਂ ਕਿਹਾ ਕਿ ਜਿਹੜਾ ਨੌਜਵਾਨ ਕਿੱਤਾ ਮੁੱਖੀ ਕੋਰਸਾਂ ਵਿਚ ਮੁਹਾਰਤ ਹਾਸਲ ਕਰਕੇ ਆਪਣਾ ਧੰਦਾ ਖੋਲਣ ਦਾ ਚਾਹਵਾਨ ਹੋਵੇਗਾ, ਉਨ੍ਹਾਂ ਨੂੰ ਬੈਂਕ ਕਰਜ਼ੇ ‘ਤੇ 33 ਫੀਸਦੀ ਤਕ ਦੀ ਸਬਸਿਡੀ ਦੀ ਸਹੂਲਤ ਵੀ ਦਿੱਤੀ ਜਾਵੇਗੀ।
Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply