ਭਾਰਤ ਨੂੰ ਹਰ ਹਾਲ 'ਚ ਚਾਹੀਦੀ ਹੈ ਜਿੱਤ

ਚੈਂਪੀਅਨਜ਼ ਟਰਾਫੀ

-ਦੱਖਣੀ ਅਫਰੀਕਾ ਨੂੰ ਹਰਾ ਕੇ ਹੀ ਸੈਮੀਫਾਈਨਲ ‘ਚ ਪੁੱਜੇਗੀ ਟੀਮ ਇੰਡੀਆ

-ਇਸ ਮੈਚ ‘ਚ ਮਿਲ ਸਕਦਾ ਹੈ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੂੰ ਮੌਕਾ

-ਅਭਿਆਸ ਸੈਸ਼ਨ ‘ਚ ਨਹੀਂ ਹੋਈ ਕੁੰਬਲੇ ਤੇ ਕੋਹਲੀ ‘ਚ ਗੱਲਬਾਤ

ਜਾਗਰਣ ਨਿਊਜ਼ ਨੈੱਟਵਰਕ, ਲੰਡਨ : ਕਿਸੇ ਟੀਮ ਨੂੰ ਜਿੱਤਣ ਲਈ ਵਧੀਆ ਲੈਅ, ਕੋਚ-ਕਪਤਾਨ ‘ਚ ਚੰਗਾ ਤਾਲਮੇਲ ਤੇ ਵਧੀਆ ਅਭਿਆਸ ਜ਼ਰੂਰੀ ਹੁੰਦਾ ਹੈ। ਨੰਬਰ ਵਨ ਦੱਖਣੀ ਅਫਰੀਕਾ ਖ਼ਿਲਾਫ਼ ਐਤਵਾਰ ਨੂੰ ਕਰੋ ਜਾਂ ਮਰੋ ਦੇ ਮੈਚ ‘ਚ ਉਤਰਨ ਲਈ ਟੀਮ ਇੰਡੀਆ ਕੋਲ ਚੰਗੀ ਲੈਅ ਹੈ। ਉਸ ਨੇ ਸ਼ਨਿਚਰਵਾਰ ਨੂੰ ਪੂਰੇ ਮਨ ਨਾਲ ਅਭਿਆਸ ਵੀ ਕੀਤਾ ਪਰ ਇੱਥੇ ਓਵਲ ਸਟੇਡੀਅਮ ‘ਚ ਦੋ ਘੰਟੇ ਤੋਂ ਜ਼ਿਆਦਾ ਚੱਲੇ ਅਭਿਆਸ ਸੈਸ਼ਨ ‘ਚ ਕੋਚ ਅਨਿਲ ਕੁੰਬਲੇ ਤੇ ਕਪਤਾਨ ਵਿਰਾਟ ਕੋਹਲੀ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ। ਜਦ ਕੋਹਲੀ ਥ੍ਰੋ ਡਾਊਨ ‘ਤੇ ਬੱਲੇਬਾਜ਼ੀ ਦਾ ਅਭਿਆਸ ਕਰ ਰਹੇ ਸਨ ਤਾਂ ਕੁੰਬਲੇ ਨਾਲ ਹੀ ਨੈੱਟ ‘ਤੇ ਸਨ ਪਰ ਦੋਵਾਂ ‘ਚ ਕੋਈ ਗੱਲ ਨਹੀਂ ਹੋਈ। ਇਸ ਤੋਂ ਬਾਅਦ ਵਿਰਾਟ ਤੀਜੇ ਨੈੱਟ ‘ਤੇ ਸਪਿੰਨਰਾਂ ਸਾਹਮਣੇ ਬੱਲੇਬਾਜ਼ੀ ਦਾ ਅਭਿਆਸ ਕਰਨ ਲੱਗੇ। ਕੋਚ ਦੂਜੇ ਪਾਸੇ ਹਾਰਦਿਕ ਪਾਂਡਿਆ ਮੁਹੰਮਦ ਸ਼ਮੀ ਤੇ ਉਮੇਸ਼ ਯਾਦਵ ਨੂੰ ਟਿਪਸ ਦੇਣ ਲੱਗੇ। ਹੋ ਸਕਦਾ ਹੈ ਕਿ ਦੋਵੇਂ ਬੰਦ ਕਮਰੇ ‘ਚ ਮਿਲ ਕੇ ਜਿੱਤ ਦੀ ਕੋਈ ਰਣਨੀਤੀ ਬਣਾਉਣ ਕਿਉਂਕਿ ਖੁੱਲ੍ਹੇ ਮੈਦਾਨ ‘ਚ ਤਾਂ ਉਹ ਦੋਵੇਂ ਆਪਸ ਕੋਈ ਰਣਨੀਤੀ ਬਣਾਉਂਦੇ ਹੋਏ ਨਹੀਂ ਦਿਸੇ। ਹਾਲਾਂਕਿ ਇਸ ਸਭ ਦੇ ਬਾਵਜੂਦ ਭਾਰਤੀ ਪ੍ਰਸ਼ੰਸਕਾਂ ਨੂੰ ਟੀਮ ਇੰਡੀਆ ਤੋਂ ਜਿੱਤ ਦੀ ਉਮੀਦ ਰੱਖਣੀ ਚਾਹੀਦੀ ਹੈ ਕਿਉਂਕਿ ਉਮੀਦ ‘ਤੇ ਦੁਨੀਆ ਕਾਇਮ ਹੈ।

ਅਸ਼ਵਿਨ ਦੀ ਵਾਪਸੀ ਦੀ ਉਮੀਦ :

ਇਸ ਵਿਚ ਕੋਈ ਸ਼ੱਕ ਨਹੀਂ ਕਿ ਪਿਛਲੇ ਮੈਚ ‘ਚ ਭਾਰਤੀ ਟੀਮ ਜਿਸ ਤਰ੍ਹਾਂ ਹਾਰੀ ਉਸ ਦਾ ਅਸਰ ਟੀਮ ਦੇ ਮਨੋਬਲ ‘ਤੇ ਪਿਆ ਹੈ। ਇਸ ਮੈਚ ‘ਚ ਜੋ ਜਿੱਤੇਗਾ ਉਸ ਦਾ ਸੈਮੀਫਾਈਨਲ ‘ਚ ਜਾਣਾ ਤੈਅ ਹੈ। ਭਾਰਤ ਨੂੰ ਅਜਿਹਾ ਕਰਨ ਲਈ ਦੁਨੀਆ ਦੀ ਨੰਬਰ ਵਨ ਟੀਮ ਨੂੰ ਹਰਾਉਣਾ ਪਵੇਗਾ। ਹਾਲਾਂਕਿ ਇਹ ਮੈਚ ਟੀਮ ਇੰਡੀਆ ਤੋਂ ਜ਼ਿਆਦਾ ਕਪਤਾਨ ਕੋਹਲੀ ਲਈ ਮਹੱਤਵਪੂਰਨ ਹੈ ਕਿਉਂਕਿ ਕਪਤਾਨ ਵਜੋਂ ਪਹਿਲੇ ਆਈਸੀਸੀ ਟੂਰਨਾਮੈਂਟ ‘ਚ ਉਨ੍ਹਾਂ ਤੋਂ ਗ਼ਲਤੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ। ਟੀਮ ਇੰਡੀਆ ‘ਚ ਆਫ ਸਪਿੰਨਰ ਰਵੀਚੰਦਰਨ ਅਸ਼ਿਵਨ ਦੀ ਵਾਪਸੀ ਲਗਪਗ ਤੈਅ ਹੈ ਕਿਉਂਕਿ ਦੱਖਣੀ ਅਫਰੀਕਾ ਕੋਲ ਸਿਖਰਲੇ ਨੰਬਰ ਦੇ ਤਿੰਨ ਬੱਲੇਬਾਜ਼ ਖੱਬੇ ਹੱਥ ਦੇ ਹਨ। ਹੁਣ ਇਹ ਦੇਖਣਾ ਪਵੇਗਾ ਕਿ ਉਹ ਭੁਵਨੇਸ਼ਵਰ ਕੁਮਾਰ, ਰਵਿੰਦਰ ਜਡੇਜਾ ਤੇ ਉਮੇਸ਼ ‘ਚੋਂ ਕਿਸ ਨੂੰ ਕੱਢਦੇ ਹਨ। ਹਾਲਾਂਕਿ ਭੁਵੀ ਨੇ ਗੇਂਦਬਾਜ਼ੀ ਦਾ ਜ਼ਿਆਦਾ ਅਭਿਆਸ ਨਹੀਂ ਕੀਤਾ ਅਤੇ ਇਸ ਮੈਦਾਨ ‘ਤੇ ਜ਼ਿਆਦਾ ਸਵਿੰਗ ਵੀ ਨਹੀਂ ਮਿਲ ਰਹੀ। ਭੁਵੀ ‘ਚ ਉਮੇਸ਼ ਦੀ ਤਰ੍ਹਾਂ ਤੇਜ਼ੀ ਵੀ ਨਹੀਂ ਹੈ। ਇਸ ਕਾਰਨ ਉਨ੍ਹਾਂ ਦੀ ਥਾਂ ਅਸ਼ਵਿਨ ਦੇ ਖੇਡਣ ਦੀ ਉਮੀਦ ਦਿਖਾਈ ਦੇ ਰਹੀ ਹੈ।

ਬਾਕੀ ਟੀਮ ‘ਚ ਨਹੀਂ ਹੋਵੇਗੀ ਤਬਦੀਲੀ :

ਦੂਜੇ ਸਪਿੰਨਰ ਜਡੇਜਾ ਦਾ ਵੀ ਖੇਡਣਾ ਲਗਪਗ ਤੈਅ ਹੈ। ਕੋਹਲੀ ਦੱਖਣੀ ਅਫਰੀਕਾ ਖ਼ਿਲਾਫ਼ ਦੋਵਾਂ ਸਪਿੰਨਰਾਂ ਨੂੰ ਖਿਡਾਉਣਗੇ ਕਿਉਂਕਿ ਇਸ ਵਿਰੋਧੀ ਟੀਮ ਨੂੰ ਸਪਿੰਨਰ ਖੇਡਣ ‘ਚ ਦਿੱਕਤ ਹੁੰਦੀ ਹੈ। ਇਹੀ ਨਹੀਂ ਉਹ ਬਿਹਤਰੀਨ ਫੀਲਡਰ ਹਨ ਤੇ ਬਾਊਂਡਰੀ ਲਾਈਨ ਕੋਲੋਂ ਥ੍ਰੋਅ ਬਹੁਤ ਸਿੱਧੀ ਸੁੱਟਦੇ ਹਨ। ਉਹ ਹਰੇਕ ਮੈਚ ‘ਚ 10-15 ਦੌੜਾਂ ਬਚਾਉਂਦੇ ਹਨ। ਹਾਰਦਿਕ ਨੂੰ ਵੀ ਬਾਹਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੱਤਵੇਂ ਨੰਬਰ ‘ਤੇ ਉਨ੍ਹਾਂ ਵਰਗੇ ਹਮਲਾਵਰ ਬੱਲੇਬਾਜ਼ ਦੀ ਲੋੜ ਹੈ। ਜਸਪ੍ਰੀਤ ਬੁਮਰਾਹ ਡੈੱਥ ਓਵਰਾਂ ‘ਚ ਚੰਗੇ ਯਾਰਕਰ ਸੁੱਟਦੇ ਹਨ। ਉਮੇਸ਼ ਨੇ ਵੀ ਸ਼ਨਿਚਰਵਾਰ ਨੂੰ ਅਭਿਆਸ ‘ਚ ਬਹੁਤ ਪਸੀਨਾ ਵਹਾਇਆ ਹੈ। ਸ੍ਰੀਲੰਕਾ ਖ਼ਿਲਾਫ਼ ਮੈਚ ‘ਚ 11 ਤੋਂ 40 ਓਵਰਾਂ ਵਿਚਾਲੇ ਭਾਰਤ ਨੇ 200 ਤੋਂ ਜ਼ਿਆਦਾ ਦੌੜਾਂ ਦਿੱਤੀਆਂ ਲਿਹਾਜ਼ਾ ਅਸ਼ਵਿਨ ਨੂੰ ਅਗਲੇ ਮੈਚ ‘ਚ ਦੌੜਾਂ ਦੀ ਰਫ਼ਤਾਰ ‘ਤੇ ਰੋਕ ਲਾਉਣ ਦੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ।

ਭਾਰਤੀ ਬੱਲੇਬਾਜ਼ਾਂ ਨੂੰ ਵੀ ਦਿਖਾਉਣੀ ਪਵੇਗੀ ਤੇਜ਼ੀ :

ਅਜੇ ਤਕ ਦੇਖਿਆ ਗਿਆ ਹੈ ਕਿ ਭਾਰਤੀ ਓਪਨਰਾਂ ਨੇ ਸ਼ੁਰੂਆਤ ‘ਚ ਸੰਭਲ ਕੇ ਖੇਡਿਆ ਅਤੇ ਬਾਅਦ ‘ਚ ਤੇਜ਼ੀ ਨਾਲ ਦੌੜਾਂ ਬਣਾਈਆਂ। ਇਹ ਰਣਨੀਤੀ ਬਰਮਿੰਘਮ ‘ਚ ਪਾਕਿਸਤਾਨ ਖ਼ਿਲਾਫ਼ ਸਫਲ ਰਹੀ ਪਰ ਓਵਲ ਦੀ ਪਿੱਚ ‘ਤੇ ਸ੍ਰੀਲੰਕਾ ਸਾਹਮਣੇ ਇਹ ਉਲਟੀ ਸਾਬਿਤ ਹੋਈ। ਇਹ ਮੈਚ ਵੀ ਉਸੇ ਪਿੱਚ ‘ਤੇ ਹੋਣਾ ਹੈ। ਇਸ ਕਾਰਨ ਭਾਰਤੀ ਸਿਖਰਲੇ ਬੱਲੇਬਾਜ਼ਾਂ ਨੂੰ ਆਪਣੀ ਰਣਨੀਤੀ ‘ਚ ਥੋੜ੍ਹੀ ਤਬਦੀਲੀ ਕਰਨੀ ਪਵੇਗੀ ਹਾਲਾਂਕਿ ਵਿਰਾਟ ਨੇ ਪ੍ਰੈੱਸ ਕਾਨਫਰੰਸ ‘ਚ ਉਸ ਰਣਨੀਤੀ ਨੂੰ ਜਾਰੀ ਰੱਖਣ ਦੇ ਸੰਕੇਤ ਦਿੱਤੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਪੰਜ ਓਵਰਾਂ ਤੋਂ ਬਾਅਦ ਤੇਜ਼ੀ ਦਿਖਾਉਣੀ ਪਵੇਗੀ ਕਿਉਂਕਿ ਉਹੀ ਵਾਧੂ 20 ਦੌੜਾਂ ਟੀਮ ਇੰਡੀਆ ਨੂੰ ਜਿੱਤ ਦਿਵਾਉਣਗੀਆਂ। ਸਾਨੂੰ ਇਹ ਵੀ ਯਾਦ ਰੱਖਣਾ ਪਵੇਗਾ ਕਿ ਦੱਖਣੀ ਅਫਰੀਕੀ ਟੀਮ ‘ਚ ਏਬੀ ਡਿਵੀਲੀਅਰਜ਼ ਵਰਗਾ ਬੱਲੇਬਾਜ਼ ਹੈ ਜੋ ਕਿਸੇ ਵੀ ਸਕੋਰ ਨੂੰ ਛੋਟਾ ਸਾਬਿਤ ਕਰ ਸਕਦਾ ਹੈ। ਰੋਹਿਤ ਤੇ ਸ਼ਿਖਰ ਦੀ ਜੋੜੀ ਨੇ ਦੋਵਾਂ ਮੈਚਾਂ ‘ਚ ਸੈਂਕੜੇ ਵਾਲੀ ਭਾਈਵਾਲੀ ਕੀਤੀ। ਸ਼ਿਖਰ ਨੂੰ ਵੀ ਚੈਂਪੀਅਨਜ਼ ਟਰਾਫੀ ਬਹੁਤ ਰਾਸ ਆਉਂਦੀ ਹੈ। ਉਹ ਆਈਸੀਸੀ ਦੇ ਇਸ ਟੂਰਨਾਮੈਂਟ ‘ਚ ਤਿੰਨ ਸੈਂਕੜੇ ਲਾ ਚੁੱਕੇ ਹਨ। ਕੋਹਲੀ ਜ਼ਰੂਰੀ ਪਿਛਲੇ ਮੈਚ ‘ਚ ਜ਼ੀਰੋ ‘ਤੇ ਆਊਟ ਹੋਏ ਸਨ। ਇਸ ਕਾਰਨ ਉਨ੍ਹਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।
Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply